ਗੁਰੂ ਕੀ ਗੋਲਕ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਰੂ ਕੀ ਗੋਲਕ: ਫ਼ਾਰਸੀ ਭਾਸ਼ਾ ਦਾ ਪਿਛੋਕੜ ਰਖਣ ਵਾਲੇ ‘ਗੋਲਕ’ ਸ਼ਬਦ ਦਾ ਅਰਥ ਹੈ ਨਕਦੀ ਰਖਣ ਦਾ ਪਾਤਰ। ਇਹ ਪਾਤਰ ਸੰਦੂਕਚੀ, ਗਾਗਰ ਜਾਂ ਇਸ ਪ੍ਰਕਾਰ ਦਾ ਕੋਈ ਹੋਰ ਡੱਬਾ ਆਦਿ ਹੋ ਸਕਦਾ ਹੈ। ‘ਗੁਰੂ ਕੀ ਗੋਲਕ’ ਤੋਂ ਭਾਵ ਹੈ ਜਿਸ ਪਾਤਰ ਵਿਚ ਗੁਰੂ ਨਿਮਿਤ ਨਕਦੀ ਰਖੀ ਜਾਂ ਪਾਈ ਜਾਏ। ਸਿੱਖੀ ਦੇ ਪ੍ਰਚਾਰ ਲਈ ਗੁਰੂ ਅਮਰਦਾਸ ਜੀ ਨੇ ਮੰਜੀਆਂ ਦੀ ਸਥਾਪਨਾ ਕੀਤੀ ਅਤੇ ਬਾਦ ਵਿਚ ਗੁਰੂ ਅਰਜਨ ਦੇਵ ਜੀ ਨੇ ਮਸਨਦਾਂ ਕਾਇਮ ਕੀਤੀਆਂ। ਇਨ੍ਹਾਂ ਮਸਨਦਾਂ ਨਾਲ ਸੰਬੰਧ ਰਖਣ ਵਾਲੇ ਅਤੇ ਸਿੱਖਾਂ ਤੋਂ ਦਸਵੰਧ ਇਕੱਠਾ ਕਰਨ ਵਾਲੇ ਖੇਤਰੀ ਪ੍ਰਚਾਰਕਾਂ ਨੂੰ ‘ਮਸੰਦ ’ ਕਿਹਾ ਜਾਣ ਲਗਿਆ। ਗੁਰੂ ਗੋਬਿੰਦ ਸਿੰਘ ਜੀ ਤਕ ਮਸੰਦ ਹੀ ਸਿੱਖਾਂ ਤੋਂ ਦਸਵੰਧ ਦਾ ਧਨ ਇਕੱਠਾ ਕਰਕੇ ਗੋਲਕ ਤਕ ਪਹੁੰਚਾਉਂਦੇ ਸਨ , ਤਾਂ ਜੋ ਉਸ ਨੂੰ ਕੌਮੀ ਹਿਤ ਲਈ ਵਰਤਿਆ ਜਾ ਸਕੇ। ਪਰ ਮਸੰਦਾਂ ਦੀਆਂ ਗੁਰਮਤਿ ਵਿਰੋਧੀ ਮਾੜੀਆ ਕਰਤੂਤਾਂ ਕਰਕੇ ਦਸਮ ਗੁਰੂ ਨੇ ਮਸੰਦ-ਪ੍ਰਥਾ ਖ਼ਤਮ ਕਰ ਦਿੱਤੀ ਅਤੇ ਸਿੱਖ ਸੰਗਤਾਂ ਨੂੰ ਸਿਧਿਆਂ ਗੁਰੂ ਦਰਬਾਰ ਨਾਲ ਜੋੜ ਦਿੱਤਾ। ਸਿੱਖ ਸੰਗਤਾਂ ਦਸਵੰਧ ਦਾ ਧਨ ਸਿਧਾ ਹੀ ਗੁਰੂ ਕੀ ਗੋਲਕ ਵਿਚ ਪਾਉਣ ਲਗ ਗਈਆਂ।

            ਗੁਰੂ ਗੋਬਿੰਦ ਸਿੰਘ ਜੀ ਤੋਂ ਬਾਦ ਸ਼ਬਦ-ਗੁਰੂ ਦੇ ਦਰਬਾਰ ਵਿਚ ਗੋਲਕਾਂ ਰਖੀਆਂ ਜਾਣ ਲਗੀਆਂ। ਇਨ੍ਹਾਂ ਗੋਲਕਾਂ ਵਿਚ ਇਕੱਠੇ ਹੋਏ ਧਨ ਨੂੰ ਧਰਮ-ਅਰਥ ਕਾਰਜਾਂ ਲਈ ਵਰਤਿਆ ਜਾਣ ਲਗਿਆ। ਇਨ੍ਹਾਂ ਗੋਲਕਾਂ ਨੂੰ ਭਾਵੇਂ ਮੋਹਰਾਂ ਲਗਾ ਦਿੱਤੀਆਂ ਜਾਂਦੀਆਂ ਹਨ, ਪਰ ਕਈ ਵਾਰ ਇਨ੍ਹਾਂ ਵਿਚ ਇਕੱਠੇ ਹੋਏ ਧਨ ਦੀ ਦੁਰਵਰਤੋਂ ਦੀਆਂ ਗੱਲਾਂ ਵੀ ਸੁਣਨ ਵਿਚ ਆਉਂਦੀਆਂ ਰਹਿੰਦੀਆ ਹਨ। ਰਹਿਤਨਾਮਿਆਂ ਵਿਚ ਗ਼ਰੀਬ ਦੀ ਰਸਨਾ ਕੋ ਗੁਰੂ ਕੀ ਗੋਲਕ ਜਾਣੈ ਦੀ ਤਾਕੀਦ ਕੀਤੀ ਗਈ ਹੈ। ਇਸ ਤਰ੍ਹਾਂ ਗੋਲਕ-ਪ੍ਰਣਾਲੀ ਦੁਆਰਾ ਇਕੱਠਾ ਕੀਤਾ ਧਨ ਕੌਮੀ ਹਿਤਾਂ ਅਤੇ ਮਾਨਵ-ਕਲਿਆਣ ਲਈ ਵਰਤਿਆ ਜਾਣਾ ਗੁਰਮਤਿ ਅਨੁਸਾਰੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1689, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.